ਭਵਾਨੀਗੜ੍ਹ, : ਸੀਨੀਅਰ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਜਗਤਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਸੰਗਰੂਰ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਭਾਗ ਦੇ ਇੰਸਪੈਕਟਰ ਰਮਨਦੀਪ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਭਵਾਨੀਗੜ੍ਹ ਥਾਣੇ ਵਿਖੇ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਨੂੰ ਦਰਖ਼ਾਸਤ 'ਤੇ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਸਬੰਧੀ ਦੱਸਿਆ ਕਿ ਸ਼ਿਕਾਇਤਕਰਤਾ ਹਰਦਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਰਾਮਪੁਰਾ ਥਾਣਾ ਭਵਾਨੀਗੜ੍ਹ ਦਾ 15 ਦਿਨ ਪਹਿਲਾਂ ਉਸਦੇ ਪਿੰਡ ਦੇ ਹੀ ਮਲਕੀਤ ਸਿੰਘ ਪੁੱਤਰ ਨੇਕ ਸਿੰਘ ਨਾਲ ਝਗੜਾ ਹੋ ਗਿਆ ਸੀ ਜਿਸ 'ਤੇ ਹਰਦਮ ਸਿੰਘ ਭਵਾਨੀਗੜ੍ਹ ਥਾਣੇ ਵਿਖੇ ਐੱਸਐੱਚਓ ਨੂੰ ਮਿਲਿਆ ਜਿਸ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ, ਪਰੰਤੂ ਜਦੋਂ ਕੋਈ ਵੀ ਮੁਲਾਜ਼ਮ ਥਾਣੇ ਤੋਂ ਕਾਰਵਾਈ ਕਰਨ ਲਈ ਨਹੀਂ ਪਹੁੰਚਿਆ ਤਾਂ ਸ਼ਿਕਾਇਤਕਰਤਾ ਐਤਵਾਰ ਨੂੰ ਫਿਰ ਥਾਣੇ ਆ ਗਿਆ ਜਿੱਥੇ ਉਸਨੂੰ ਏਐੱਸਆਈ ਸੁਖਦੇਵ ਸਿੰਘ ਮਿਲਿਆ ਜਿਸਨੇ ਉਸਨੂੰ ਗੱਲਾਂ ਗੱਲਾਂ 'ਚ ਕਿਹਾ ਜੇਕਰ ਕਾਰਵਾਈ ਕਰਵਾਉਣੀ ਹੈ ਤਾਂ 10 ਹਜ਼ਾਰ ਰੁਪਏ ਦੇਣੇ ਪੈਣਗੇ, ਤਾਂ ਮੁਦੱਈ ਨੇ ਉਸ ਨੂੰ ਇਹ ਰਕਮ ਜਿਆਦਾ ਕਹਿੰਦਿਆਂ ਦੇਣ ਤੋੰ ਅਸਮਰੱਥਾ ਜਾਹਿਰ ਕੀਤੀ ਤਾਂ ਏਐੱਸਆਈ ਨੇ ਉਸਨੂੰ ਕਿਹਾ ਕਿ ਇਸ ਤੋਂ ਘੱਟ ਨਹੀਂ ਲੱਗਣਗੇ। ਜਿਸ 'ਤੇ ਮੁਦੱਈ ਉਸਨੂੰ ਪੈਸਿਆਂ ਇੰਤਜਾਮ ਕਰਨ ਸਬੰਧੀ ਕਹਿ ਕੇ ਚਲਾ ਗਿਆ। ਅਗਲੇ ਦਿਨ ਥਾਣੇ ਪਹੁੰਚੇ ਮੁਦੱਈ ਤੋੰ ਏ.ਐਸ.ਆਈ ਸੁਖਦੇਵ ਸਿੰਘ ਨੇ ਫਿਰ ਕਥਿਤ ਰੂਪ ਵਿੱਚ ਪੈਸਿਆਂ ਦੀ ਮੰਗ ਕੀਤੀ ਤਾਂ ਹਰਦਮ ਸਿੰਘ ਤੋੰ ਮੌਕੇ 'ਤੇ 2 ਹਜ਼ਾਰ ਰੁਪਏ ਲੈ ਕੇ ਬਾਕੀ ਦੇ 8 ਹਜ਼ਾਰ ਰੁਪਏ ਬੁੱਧਵਾਰ ਨੂੰ ਦੇਣ ਲਈ ਕਿਹਾ। ਜਿਸ ਸਬੰਧੀ ਵਿਜੀਲੈੰਸ ਵਿਭਾਗ ਦੀ ਟੀਮ ਨੇ ਏਐੱਸਆਈ ਸੁਖਦੇਵ ਸਿੰਘ ਨੂੰ ਦਰਖ਼ਾਸਤ 'ਤੇ ਕਾਰਵਾਈ ਕਰਨ ਬਦਲੇ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਅੱਜ ਸਰਕਾਰੀ ਗਵਾਹ ਗੁਰਇਕਬਾਲ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ-2 ਸੰਗਰੂਰ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਇਸ ਮੌਕੇ ਵਿਜੀਲੈੰਸ ਦੀ ਟੀਮ ਵਿੱਚ ਏ.ਐਸ.ਆਈ ਕ੍ਰਿਸ਼ਨ ਸੰਗਰੂਰ, ਹੈੱਡ ਕਾਂਸਟੇਬਲ ਅਮਨਦੀਪ ਸਿੰਘ, ਭੁਪਿੰਦਰ ਸਿੰਘ, ਸਿਪਾਹੀ ਗੁਰਜੀਵਨ ਸਿੰਘ, ਰਸਕਿੰਦਰ ਸਿੰਘ, ਮਹਿਲਾ ਹੈੱਡ ਕਾਂਸਟੇਬਲ ਜਸਵੀਰ ਕੌਰ ਤੇ ਜਗਦੀਪ ਸਿੰਘ ਸਟੈਨੋਟਾਇਪਿਸਟ ਸ਼ਾਮਲ ਸਨ। ਵਿਜੀਲੈੰਸ ਵਿਭਾਗ ਨੇ ਦੋਸ਼ੀ ਖਿਲਾਫ਼ ਥਾਣਾ ਵਿਜੀਲੈੰਸ ਬਿਉਰੋ ਰੇੰਜ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਦਿਆਂ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।